ਪੂਰਾ ਐੱਮ ਐੱਸ ਪੀ ਦੇਣ ਦੀ ਕੀਤੀ ਮੰਗ
ਚੰਡੀਗੜ੍ਹ, : ਬੀਤੇ ਦਿਨ ਪੰਜਾਬ ਸਰਕਾਰ ਦੁਆਰਾ ਗੰਨੇ ਦੇ ਭਾਅ ਵਿੱਚ 10 ਰੁ: ਪ੍ਰਤੀ ਕੁਇੰਟਲ ਕੀਤੇ ਗਏ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਇਸ ਦੀ ਨਿਖੇਧੀ ਕੀਤੀ ਹੈ ਅਤੇ ਸੀ2+50% ਫਾਰਮੂਲੇ ਮੁਤਾਬਕ ਬਣਦੇ 600 ਰੁ: ਤੋਂ ਵੱਧ ਪ੍ਰਤੀ ਕੁਇੰਟਲ ਦੇਣ ਦੀ ਮੰਗ ਕੀਤੀ ਹੈ, ਹਾਲਾਂਕਿ ਇਸ ਵਿੱਚ ਜ਼ਮੀਨੀ ਠੇਕਾ45800 ਰੁਪਏ ਪ੍ਰਤੀ ਏਕੜ ਹੀ ਗਿਣਿਆ ਗਿਆ ਹੈ। ਅਸਲ ਵਿੱਚ ਔਸਤ ਜ਼ਮੀਨੀ ਠੇਕਾ 70000 ਰੁਪਏ ਪ੍ਰਤੀ ਏਕੜ ਚੱਲ ਰਿਹਾ ਹੈ।
ਇਸ ਸੰਬੰਧੀ ਸਾਂਝਾ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਮੌਜੂਦਾ ਵਾਧੇ ਮਗਰੋਂ ਵੀ ਅਗੇਤੇ ਗੰਨੇ ਦਾ 401 ਰੁ: ਪ੍ਰਤੀ ਕੁਇੰਟਲ ਭਾਅ ਕਿਸਾਨਾਂ ਦੇ ਬਣਦੇ ਹੱਕ ਨਾਲੋਂ 33% ਘੱਟ ਹੀ ਬਣਦਾ ਹੈ। 4000 ਰੁਪਏ ਪ੍ਰਤੀ ਕੁਇੰਟਲ ਖੰਡ ਤੋਂ ਇਲਾਵਾ ਗੁੜ, ਸ਼ੀਰਾ ਤੇ ਸ਼ਰਾਬ ਵਰਗੇ ਉਪ-ਉਤਪਾਦ ਵੇਚ ਕੇ ਖੰਡ ਮਿੱਲਾਂ ਅੰਨ੍ਹੇ ਮੁਨਾਫ਼ੇ ਖੱਟਦੀਆਂ ਹਨ। ਇਸ ਅੰਨ੍ਹੀ ਲੁੱਟ ਤੋਂ ਇਲਾਵਾ ਪਿਛਲਾ ਤਜਰਬਾ ਦੱਸਦਾ ਹੈ ਕਿ ਇਸ ਘਾਟੇਵੰਦੀ ਅਦਾਇਗੀ ਲਈ ਵੀ ਕਿਸਾਨਾਂ ਨੂੰ ਖੰਡ ਮਿੱਲਾਂ ਅੱਗੇ ਮਹੀਨਿਆਂ ਬੱਧੀ ਧਰਨੇ ਲਾਉਣੇ ਪੈਂਦੇ ਹਨ। ਇਨ੍ਹੀਂ ਦਿਨੀਂ ਮੰਡੀਆਂ ਵਿੱਚ ਹੋਈ ਝੋਨੇ ਦੀ ਅੰਨ੍ਹੀ ਲੁੱਟ ਪੰਜਾਬ ਸਰਕਾਰ ਦੇ ਮੱਥੇ 'ਤੇ ਇੱਕ ਹੋਰ ਕਲੰਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿੱਚ ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਨੀਤੀ ਵੱਲ ਸੇਧਤ ਖੇਤੀ ਜਿਣਸਾਂ ਦੀ ਅੰਨ੍ਹੀ ਲੁੱਟ ਰਾਹੀਂ ਕਿਸਾਨਾਂ ਮਜ਼ਦੂਰਾਂ ਦਾ ਵਾਲ਼ ਵਾਲ਼ ਕਰਜ਼ਾਈ ਕਰਕੇ ਉਨ੍ਹਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਚਾਲ ਹੈ। ਇਸ ਲਈ ਕਿਸਾਨ ਆਗੂਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਜਥੇਬੰਦ ਹੋ ਕੇ ਸਖ਼ਤ ਲੰਬੇ ਘੋਲ਼ਾਂ ਵਿੱਚ ਪ੍ਰਵਾਰਾਂ ਸਮੇਤ ਸ਼ਾਮਲ ਹੋਣ ਲਈ ਤਾਣ ਲਾਇਆ ਜਾਵੇ।